ਚੈਕਿੰਗ ਦੌਰਾਨ 12 ਸਕੂਲੀ ਵਾਹਨਾਂ ਦੇ ਚਲਾਨ,ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ : ਆਰ.ਟੀ.ਓ.

ਚੈਕਿੰਗ ਦੌਰਾਨ 12 ਸਕੂਲੀ ਵਾਹਨਾਂ ਦੇ ਚਲਾਨ,ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ : ਆਰ.ਟੀ.ਓ.

 

MBD NEWS (MANISH) ਭੋਗਪੁਰ (ਜਲੰਧਰ), 8 ਅਗਸਤ: ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਜਲੰਧਰ ਅਮਨਪ੍ਰੀਤ ਸਿੰਘ ਦੀਆਂ ਹਦਾਇਤਾਂ ’ਤੇ ਅੱਜ ਇਥੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਇਥੋਂ ਦੇ ਇਕ ਪ੍ਰਾਈਵੇਟ ਸਕੂਲ ਦੇ ਇਕ ਦਰਜਨ ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ।
ਆਰ.ਟੀ.ਓ. ਅਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਕਿੰਗ ਦੌਰਾਨ 12 ਸਕੂਲੀ ਵਾਹਨ ਅਜਿਹੇ ਸਨ, ਜੋ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਸਕੂਲੀ ਬੱਸਾਂ ਦੇ ਡਰਾਈਵਰਾਂ ਨੇ ਵਰਦੀ ਨਹੀਂ ਪਹਿਨੀ ਸੀ, ਕੁਝ ਵਾਹਨਾਂ ਵਿੱਚ ਅਟੈਂਡੈਂਟ ਨਹੀਂ ਸਨ ਅਤੇ ਕੁਝ ਵਾਹਨ ਅਨਫਿੱਟ ਸਨ। ਜਦਕਿ ਕੁਝ ਸਕੂਲੀ ਵਾਹਨਾਂ ਦੇ ਲੋੜੀਂਦੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਚਲਾਨ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਕਤ ਪ੍ਰਾਈਵੇਟ ਸਕੂਲ ਦੇ ਵਾਹਨਾਂ ਬਾਰੇ ਉਨ੍ਹਾਂ ਨੂੰ ਦਫ਼ਤਰ ਦੀ ਈ-ਮੇਲ ਰਾਹੀਂ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ֹ’ਤੇ ਤੁਰੰਤ ਕਾਰਵਾਈ ਕਰਦਿਆਂ ਏ.ਆਰ.ਟੀ.ਓ. ਵਿਸ਼ਾਲ ਗੋਇਲ ਦੀ ਡਿਊਟੀ ਲਾਈ ਗਈ, ਜਿਨ੍ਹਾਂ ਸਕੂਲ ਦੇ ਬਾਹਰ ਲਿੰਕ ਰੋਡ ’ਤੇ ਨਾਕਾ ਲਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ।
ਆਰ.ਟੀ.ਓ. ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਕੂਲੀ ਵਾਹਨਾਂ ਦੀ ਚੈਕਿੰਗ ਜਾਰੀ ਰਹੇਗੀ।
ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਕੂਲੀ ਵਾਹਨ ਰੋਡ ਸੇਫਟੀ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਇਸ ਦੇ ਨਾਲ ਹੀ ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਦੀ ਸਕੂਲ ਵੈਨ/ਬੱਸ ਵਿੱਚ ਕਿਸੇ ਪ੍ਰਕਾਰ ਦੀ ਊਣਤਾਈ ਨਜ਼ਰ ਆਉਂਦੀ ਹੈ ਤਾਂ ਸਕੂਲ ਮੈਨੇਜਮੈਂਟ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਸੇਫ ਸਕੂਲ ਵਾਹਨ ਪਾਲਿਸੀ ਨੂੰ ਸੌ ਫੀਸਦੀ ਲਾਗੂ ਕੀਤਾ ਜਾ ਸਕੇ।

Comments

Leave a Reply

Your email address will not be published. Required fields are marked *